ddsnews.in

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵਿਚ ਹਿਮਾਚਲ ਅਤੇ ਰਾਜਸਥਾਨ ਨੂੰ ਸਥਾਈ ਹਿੱਸੇਦਾਰੀ ਦੇਣ ਦੇ ਕੇਂਦਰੀ ਫੈਸਲੇ ਦਾ ਡੱਟਕੇ ਵਿਰੋਧ – ਪੰਜਾਬ ਦੇ ਪਾਣੀ, ਬਿਜਲੀ ਅਤੇ ਖੇਤੀਬਾੜੀ ਤੇ ਖਤਰਾ!

 

ਚੰਡੀਗੜ:-ਡੀ ਡੀ ਐਸ ਬਿਓਰੋ: -ਅੱਜ ਭਾਰਤੀ ਕਿਸਾਨ ਯੂਨੀਅਨ (ਚੰਡੀਗੜ੍ਹ) ਵੱਲੋਂ ਇਸ ਗੱਲ ਦਾ ਡੱਟਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਪੱਕੀ (whole-time) ਮੈਂਬਰੀ ਦੇਣ ਲਈ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79(2)(a) ਵਿਚ ਸੋਧ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਨਾਲ ਬੀਬੀਐੱਮਬੀ ਵਿਚ ਮੈਂਬਰਾਂ ਦੀ ਗਿਣਤੀ ਦੋ ਤੋਂ ਵਧਾ ਕੇ ਚਾਰ ਕੀਤੀ ਜਾ ਰਹੀ ਹੈ ਅਤੇ ਪੰਜਾਬ-ਹਰਿਆਣਾ ਦੀ ਫੈਸਲਾ ਲੈਣ ਵਾਲੀ ਤਾਕਤ ਨੂੰ ਬਿਲਕੁਲ ਖਤਮ ਕਰ ਦਿੱਤਾ ਜਾ ਰਿਹਾ ਹੈ।
ਇਹ ਫੈਸਲਾ ਪੰਜਾਬ ਨਾਲ ਖੁੱਲ੍ਹਾ ਧੱਕਾ ਹੈ। ਭਾਖੜਾ-ਨੰਗਲ ਅਤੇ ਬਿਆਸ ਪ੍ਰੋਜੈਕਟ ਪੰਜਾਬ ਦੀਆਂ ਨਦੀਆਂ ਤੇ ਬਣੇ ਹਨ ਅਤੇ ਇਨ੍ਹਾਂ ਤੋਂ ਪੰਜਾਬ ਨੂੰ ਪਾਣੀ ਅਤੇ ਬਿਜਲੀ ਦਾ ਲਗਭਗ 58 ਫੀਸਦੀ ਹਿੱਸਾ ਮਿਲਦਾ ਹੈ। ਇਸ ਬੋਰਡ ਦੀ ਬਣਤਰ ਪੰਜਾਬ ਰੀਆਰਗਨਾਈਜੇਸ਼ਨ ਐਕਟ ਤਹਿਤ ਪੰਜਾਬ ਅਤੇ ਹਰਿਆਣਾ ਲਈ ਬਣਾਈ ਗਈ ਸੀ। ਹੁਣ ਗੈਰ-ਰਿਪੇਰੀਅਨ ਰਾਜਾਂ ਨੂੰ ਬਰਾਬਰ ਹੱਕ ਦੇ ਕੇ ਪੰਜਾਬ ਦੇ ਰਿਪੇਰੀਅਨ ਹੱਕਾਂ ਨੂੰ ਤੋੜਿਆ ਜਾ ਰਿਹਾ ਹੈ। ਇਸ ਨਾਲ ਡੈਮਾਂ ਵਿਚ ਪਾਣੀ ਰਿਲੀਜ਼ ਕਰਨ, ਸਿਲਟ ਹਟਾਉਣ ਅਤੇ ਬਿਜਲੀ ਵੰਡ ਵਰਗੇ ਫੈਸਲੇ ਪੰਜਾਬ ਵਿਰੋਧੀ ਹੋਣਗੇ।
2025 ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਦਾ ਇੱਕ ਵੱਡਾ ਕਾਰਨ ਭਾਖੜਾ ਡੈਮ ਵਿਚ 25 ਫੀਸਦੀ ਤੱਕ ਸਿਲਟ ਭਰ ਜਾਣਾ ਅਤੇ ਬੀਬੀਐੱਮਬੀ ਵੱਲੋਂ ਸਮੇਂ ਸਿਰ ਡੀਸਿਲਟਿੰਗ ਨਾ ਕਰਵਾਉਣਾ ਸੀ। ਲੱਖਾਂ ਏਕੜ ਫਸਲਾਂ ਤਬਾਹ ਹੋਈਆਂ, ਹਜ਼ਾਰਾਂ ਘਰ ਉਜੜੇ ਅਤੇ ਕਈ ਲੋਕਾਂ ਦੀਆਂ ਜਾਨਾਂ ਗਈਆਂ। ਹੁਣ ਜੇ ਬੋਰਡ ਵਿਚ ਪੰਜਾਬ ਦੀ ਗੱਲ ਦੀ ਤਾਕਤ ਘੱਟ ਗਈ ਤਾਂ ਅਜਿਹੀਆਂ ਤਬਾਹੀਆਂ ਵਾਰ-ਵਾਰ ਵਾਪਰਣਗੀਆਂ। ਇਹ ਫੈਸਲਾ ਪੰਜਾਬ ਦੀ ਖੇਤੀਬਾੜੀ, ਆਰਥਿਕਤਾ ਅਤੇ ਲੋਕਾਂ ਦੀ ਰੋਜ਼ੀ-ਰੋਟੀ ਤੇ ਸਿੱਧਾ ਹਮਲਾ ਹੈ।
ਭਾਰਤੀ ਕਿਸਾਨ ਯੂਨੀਅਨ (ਚੰਡੀਗੜ੍ਹ) ਇਸ ਫੈਸਲੇ ਨੂੰ ਪੰਜਾਬ ਵਿਰੋਧੀ ਸਾਜ਼ਿਸ਼ ਕਰਾਰ ਦਿੰਦੀ ਹੈ ਅਤੇ ਪੰਜਾਬ ਸਰਕਾਰ, ਵਿਰੋਧੀ ਧਿਰਾਂ, ਸਾਰੀਆਂ ਕਿਸਾਨ ਯੂਨੀਅਨਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਇਸ ਦਾ ਡੱਟਕੇ ਵਿਰੋਧ ਕਰਨ ਦੀ ਅਪੀਲ ਕਰਦੀ ਹੈ।
* ਪੰਜਾਬ ਸਰਕਾਰ ਤੁਰੰਤ ਇਸ ਸੋਧ ਵਿਰੋਧ ਵਿਚ ਸੁਪਰੀਮ ਕੋਰਟ ਜਾਵੇ ਅਤੇ ਕੇਂਦਰ ਤੋਂ ਲਿਖਤੀ ਭਰੋਸਾ ਲਵੇ।
* ਵਿਰੋਧੀ ਧਿਰਾਂ ਇਸ ਮੁੱਦੇ ਤੇ ਇੱਕਜੁੱਟ ਹੋ ਕੇ ਵਿਧਾਨ ਸਭਾ ਵਿਚ ਲੈ ਕੇ ਆਉਣ ਅਤੇ ਰੋਸ ਭਰਪੂਰ ਪ੍ਰਦਰਸ਼ਨ ਕਰਨ।
* ਸਾਰੀਆਂ ਕਿਸਾਨ ਯੂਨੀਅਨਾਂ ਅਤੇ ਸਮਾਜਿਕ ਜਥੇਬੰਦੀਆਂ ਇੱਕ ਮੰਚ ਤੇ ਆ ਕੇ ਰੋਸ ਮੁਜ਼ਾਹਰੇ ਅਤੇ ਧਰਨੇ ਦੇਣ।
ਜੇ ਇਸ ਵੇਲੇ ਏਕਤਾ ਨਾ ਕੀਤੀ ਗਈ ਤਾਂ ਪੰਜਾਬ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ। ਅਸੀਂ ਖੇਤੀਬਾੜੀ ਬਚਾਉਣ ਲਈ ਲੜਾਈ ਲੜਨ ਲਈ ਤਿਆਰ ਹਾਂ ਅਤੇ ਲੋਕਾਂ ਨੂੰ ਵੀ ਇਸ ਲੜਾਈ ਵਿਚ ਸ਼ਾਮਲ ਹੋਣ ਲਈ ਅਪੀਲ ਕਰਦੇ ਹਾਂ।

ਰਵਿੰਦਰ ਵਿਰਦੀ
ਜਨਰਲ ਸਕੱਤਰ,
ਭਾਰਤੀ ਕਿਸਾਨ ਯੂਨੀਅਨ (ਚੰਡੀਗੜ੍ਹ)

ਦਿੜ੍ਹਬਾ ਪੁਲਿਸ ਵੱਲੋਂ ਪਿਛਲੇ ਛੇ ਦਿਨਾਂ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 4 ਮੁੱਕਦਮੇ ਦਰਜ; 6 ਵਿਅਕਤੀ ਗ੍ਰਿਫਤਾਰ* ਸੰਗਰੂਰ ਜ਼ਿਲ੍ਹੇ ਦੀ ਸਬ ਡਵੀਜਨ ਦਿੜ੍ਹਬਾ ਵੱਲੋਂ ਮਿਤੀ 10.04.2026 ਤੋਂ 16.04.2026 ਤੱਕ ਕੀਤੀ ਗਈ ਕਾਰਗੁਜ਼ਾਰੀ

 

ਸੰਗਰੂਰ, 17 ਅਪ੍ਰੈਲ:-ਸੁਖਵਿੰਦਰ ਸਿੰਘ ਪਲਾਹਾ

ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜਨ ਦਿੜ੍ਹਬਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ ‘ਪਿੰਡਾਂ ਦੇ ਪਹਿਰੇਦਾਰ’ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 10 ਅਪ੍ਰੈਲ 2026 ਤੋਂ 16 ਅਪ੍ਰੈਲ 2026 ਤੱਕ ਐਨ.ਡੀ.ਪੀ.ਐਸ ਐਕਟ ਤਹਿਤ 04 ਮੁੱਕਦਮੇ ਦਰਜ ਰਜਿਸਟਰ ਕਰਕੇ 06 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਵਾਈ ਗਈ। ਇਸਤੋਂ ਇਲਾਵਾ 01 ਵਿਅਕਤੀ ਖਿਲਾਫ ਆਬਕਾਰੀ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਉਸ ਕੋਲੋਂ 80 ਲੀਟਰ ਲਾਹਣ ਬਰਾਮਦ ਕਰਵਾਈ ਗਈ। ਇਸਤੋਂ ਇਲਾਵਾ ਨਸ਼ੇ ਦੀ ਦਲਦਲ ਵਿੱਚ ਫਸੇ 05 ਵਿਅਕਤੀਆਂ ਨੂੰ ਡੀ-ਐਡੀਕਸ਼ਨ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਸ ਤੋਂ ਇਲਾਵਾ ਸਬ ਡਵੀਜਨ ਦਿੜਬਾ ਦੀ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ 96 ਟਰੈਫਿਕ ਚਲਾਣ ਕੀਤੇ ਗਏ ਅਤੇ 01 ਵਹੀਕਲ 207 ਐਮ.ਵੀ. ਐਕਟ ਤਹਿਤ ਜ਼ਬਤ ਕੀਤਾ ਗਿਆ। ਅਮਨ ਕਾਨੂੰਨ ਵਿੱਚ ਖਲਲ ਪਾਉਣ ਵਾਲੇ 08 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਕੀਤੀ ਗਈ। ਇਲਾਕਾ ਵਿੱਚ ਆਮ ਪਬਲਿਕ ਦੀ ਸੁਰੱਖਿਆ ਦੇ ਮੰਦੇ ਨਜ਼ਰ ਦਿਨ ਰਾਤ ਸਮੇਂ ਨਾਕਾਬੰਦੀ ਅਤੇ ਪੈਟਰੋਲਿੰਗ ਦੌਰਾਨ 52 ਸ਼ੱਕੀ ਵਿਅਕਤੀਆਂ ਖਿਲਾਫ 172 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੇਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।

ਧੂਰੀ ਦੇ ਵਾਰਡ ਨੰਬਰ 1 ‘ਚ 1.34 ਕਰੋੜ ਰੁਪਏ ਨਾਲ ਬਣੇਗਾ ਨੇਚਰ ਪਾਰਕ : ਦਲਬੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ* *ਕਿਹਾ, ਧੂਰੀ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ ਲਈ ਕੰਮ ਜੰਗੀ ਪੱਧਰ ‘ਤੇ ਜਾਰੀ*

 

*ਧੂਰੀ ਸ਼ਹਿਰ ‘ਚ 2.28 ਕਰੋੜ ਰੁਪਏ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ*

*ਚੇਅਰਮੈਨ ਦਲਬੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਨੇ ਧੂਰੀ ਸ਼ਹਿਰ ‘ਚ ਵਿਕਾਸ

ਧੂਰੀ, 13 ਅਪ੍ਰੈਲ:-ਸੁਖਵਿੰਦਰ ਸਿੰਘ ਪਲਾਹਾ


ਧੂਰੀ ਸ਼ਹਿਰ ਨੂੰ ਸੁੰਦਰ, ਸਾਫ-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣ ਦੇ ਮੰਤਵ ਨਾਲ ਅੱਜ ਲਗਭਗ 2.28 ਕਰੋੜ ਰੁਪਏ ਦੇ ਸੁੰਦਰੀਕਰਨ ਅਤੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦੇ ਹੋਏ ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਲਗਭਗ 1.34 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਨੇਚਰ ਪਾਰਕ ਬਣਾਇਆ ਜਾ ਰਿਹਾ ਹੈ। ਇਸ ਪਾਰਕ ਵਿੱਚ ਗਰੀਨ ਏਰੀਆ, ਵਾਕਿੰਗ ਟ੍ਰੈਕ, ਬੱਚਿਆਂ ਲਈ ਖੇਡਣ ਵਾਲੇ ਝੂਲੇ, ਬੈਠਣ ਲਈ ਬੈਂਚਾਂ ਅਤੇ ਸੁੰਦਰ ਲਾਈਟਿੰਗ ਕੀਤੀ ਜਾਵੇਗੀ, ਜਿਸ ਨਾਲ ਇਹ ਥਾਂ ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ ਅਤੇ ਪਰਿਵਾਰਾਂ ਲਈ ਖਾਸ ਖਿੱਚ ਦਾ ਕੇਂਦਰ ਬਣੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧੂਰੀ ਸ਼ਹਿਰ ਦੇ ਵਾਰਡ ਨੰਬਰ 21 ਵਿੱਚ 90 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਉਣ ਸਮੇਤ ਹੋਰ ਬੁਨਿਆਦੀ ਢਾਂਚੇ ਨਾਲ ਸੰਬੰਧਤ ਕਾਰਜ ਵੀ ਸ਼ੁਰੂ ਕੀਤੇ ਗਏ ਹਨ।

ਚੇਅਰਮੈਨ ਦਲਬੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਧੂਰੀ ਸ਼ਹਿਰ ਨੂੰ ਇੱਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ ਲਈ ਸਰਕਾਰ ਵੱਲੋਂ ਜੰਗੀ ਪੱਧਰ ‘ਤੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਹਰ ਪ੍ਰੋਜੈਕਟ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ, ਤਾਂ ਜੋ ਧੂਰੀ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਇਆ ਜਾ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਅਤੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਡਾਇਰੈਕਟਰ ਲਘੂ ਉਦਯੋਗ ਅਨਿਲ ਮਿੱਤਲ, ਡਾਇਰੈਕਟਰ ਜਸਪਾਲ ਸਿੰਘ ਭੁੱਲਰ, ਬਲਾਕ ਧੂਰੀ ਦੇ ਚੇਅਰਮੈਨ ਰਣਜੋਧ ਸਿੰਘ, ਪੁਸ਼ਪਿੰਦਰ ਸ਼ਰਮਾ, ਨਵਰਾਜ, ਜਿਉਣਾ ਸਿੰਘ, ਬਲਾਕ ਪ੍ਰਧਾਨ ਸੁਖਪਾਲ ਸਿੰਘ ਪਾਲਾ, ਬੀਰ ਭਾਨ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।