ddsnews.in

LATEST NEWS
ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਜੋੜਾ, ਟਾਈਗਰ ਸਫਾਰੀ ਦੀ ਰੌਣਕ ਵਧੀ, ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਅਤੇ ਹਰ ਸੋਮਵਾਰ ਨੂੰ ਰਹੇਗਾ ਬੰਦ- ਨਰਿੰਦਰ ਸਿੰਘ 
WhatsApp
Facebook
Twitter

ਲੁਧਿਆਣਾ : 2, ਜੂਨ 2026 ( ਲਕਸ਼ੇ ਹੰਸ / ਦਕਸ਼ ਬਹਿਲ ) ਲੁਧਿਆਣਾ ਵਿਚ ਸੈਲਾਨੀਆਂ ਅਤੇ ਹੋਰਾਂ ਲਈ ਮਸ਼ਹੂਰ ਟਾਈਗਰ ਸਫਾਰੀ ਵਿਚ ਹੁਣ ਡੇਢ ਸਾਲ ਤੋਂ ਬਾਅਦ ਫਿਰ ਲੱਗਣਗੀਆਂ ਖੂਬ ਰੌਣਕਾਂ ਅਤੇ ਦੇਖੇ ਜਾਣਗੇ ਹੋਰਾਂ ਜਾਨਵਰਾਂ ਦੇ ਨਾਲ ਸ਼ੇਰ ਬਾਦਲ ਅਤੇ ਸ਼ੇਰਨੀ ਬਿਜਲੀ, ਜਿਨਾਂ ਨੂੰ ਲੋਕ ਦੇਖਣ ਵਾਸਤੇ ਤਰਸ ਗਏ ਸਨ l ਇਸ ਸਬੰਧੀ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਵਣ ਮੰਡਲ ਅਫਸਰ ਤੇ ਜੰਗਲੀ ਜੀਵ ਮੰਡਲ ਫਿਲੌਰ ਵਿਕਰਮ ਸਿੰਘ ਕੁੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਾਈਗਰ ਸਫਾਰੀ ਦੁਬਾਰਾ ਖੁੱਲ ਗਈ ਹੈ ਜੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇਗਾ ਅਤੇ ਹਰ ਸੋਮਵਾਰ ਨੂੰ ਟਾਈਗਰ ਸਫਾਰੀ ਬੰਦ ਰਹੇਗਾ, ਭਾਵ ਮੰਗਲਵਾਰ ਤੋਂ ਐਤਵਾਰ ਤੱਕ ਇਹ ਖੂਬਸੂਰਤ ਸ਼ੇਰ – ਸ਼ੇਰਨੀ ਨੂੰ ਦੇਖਿਆ ਜਾ ਸਕਦਾ ਹੈ, ਅਤੇ 3 ਸਾਲ ਬੱਚੇ ਤੋਂ ਹਰੇਕ ਉਪਰ ਦੀ ਉਮਰ ਵਾਲੇ ਨੂੰ 50 ਰੁਪਏ ਦੀ ਟਿਕਟ ਲੈਣੀ ਪਵੇਗੀ, ਜਦ ਕਿ 15 ਅਗਸਤ, 26 ਜਨਵਰੀ ਅਤੇ 2 ਅਕਤੂਬਰ ਨੂੰ ਟਾਈਗਰ ਸਫਾਰੀ ਬੰਦ ਰਹੇਗੀ l ਉਨਾਂ ਦੱਸਿਆ ਕਿ ਇਸ ਟਾਈਗਰ ਸਫਾਰੀ ਵਿਚ ਬਾਦਲ ਅਤੇ ਬਿਜਲੀ ਦੀ ਜੋੜੀ ਦੇ ਆਉਣ ਨਾਲ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਹੋਰਾਂ ਦੀ ਹੁਣ ਉਹ ਲੰਬੀ ਉਡੀਕ ਆਖਰਕਾਰ ਖਤਮ ਹੋ ਗਈ ਹੈ। ਕਿਉਂਕਿ ਲੋਕਾਂ ਦੇ ਰੂ-ਬ-ਰੂ ਕਰਨ ਲਈ ਸ਼ੇਰ ਅਤੇ ਸ਼ੇਰਨੀ ਨੂੰ ਅੱਜ 2 ਜੂਨ ਨੂੰ ਹੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਦ ਕਿ ਦੇਖਣ ਵਾਲੇ ਲੋਕ ਇਕ ਵਾਰ ਫਿਰ ਰਾਇਲ ਬੰਗਾਲ ਟਾਈਗਰ ਦੀ ਆਵਾਜ਼ ਸੁਣਨ ਲਈ ਅੱਜ ਹੀ ਵੱਡੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ l ਉਨਾਂ ਦੱਸਿਆ ਕਿ ਮਹਾਰਾਸ਼ਟਰ ਦੇ ਨਾਗਪੁਰ ਦੇ ਗੋਰੇਵਾੜਾ ਜ਼ੂਲੋਜੀਕਲ ਪਾਰਕ ਤੋਂ ਲਿਆਂਦੀ ਗਈ ਟਾਈਗਰ ਜੋੜੀ, “ਬਾਦਲ” ਅਤੇ “ਬਿਜਲੀ” ਨੂੰ ਅੱਜ ਉਨ੍ਹਾਂ ਦੇ ਕੁਆਰੰਟੀਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹੇ ਘੇਰੇ ਵਿਚ ਛੱਡ ਦਿੱਤਾ ਗਿਆ ਹੈ । ਜਦ ਕਿ ਦਸੰਬਰ 2024 ਵਿਚ ਚਿੜੀਆ ਘਰ ਦੇ ਆਖਰੀ ਟਾਈਗਰ, ਅਮਨ ਦੀ ਮੌਤ ਹੋਣ ਤੋਂ ਬਾਅਦ ਬੰਦ ਕੀਤੀ ਗਈ ਟਾਈਗਰ ਸਫਾਰੀ ਹੁਣ ਸੈਲਾਨੀਆਂ ਅਤੇ ਹੋਰਾਂ ਲਈ ਦੁਬਾਰਾ ਖੁੱਲ੍ਹ ਗਈ ਹੈ। ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਡਾ. ਵਿਕਾਸ ਸਰੀਨ ਅਤੇ ਸਾਥੀਆਂ ਵੱਲੋਂ ਜੰਗਲੀ ਜੀਵ ਨਿਯਮਾਂ ਦੀ ਪਾਲਣਾ ਕਰਦੇ ਹੋਏ, ਸ਼ੇਰ ਸ਼ੇਰਨੀ ਦੇ ਲੁਧਿਆਣਾ ਪਹੁੰਚਣ ‘ਤੇ ਉਨਾਂ ਨੂੰ ਡਾਕਟਰੀ ਨਿਗਰਾਨੀ ਹੇਠ ਕੁਆਰੰਟੀਨ ਕੀਤਾ ਗਿਆ,ਉਨ੍ਹਾਂ ਦੀ ਸਿਹਤਯਾਬੀ ਲਈ ਨਾਗਪੁਰ ਤੋਂ ਪੰਜਾਬ ਦੇ ਜਲਵਾਯੂ, ਪਾਣੀ ਅਤੇ ਵਾਤਾਵਰਣ ਦੇ ਅਨੁਕੂਲ ਹੋਣ ਦੀ ਪੂਰੀ- ਪੂਰੀ ਨਿਗਰਾਨੀ ਕੀਤੀ ਗਈ। ਉਨਾਂ ਦੱਸਿਆ ਕਿ ਦੋਵੇਂ ਬਾਘ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਇਥੋਂ ਦੇ ਆਲੇ ਦੁਆਲੇ ਦੇ ਵਾਤਾਵਰਣ ਦੇ ਬਿਲਕੁਲ ਅਨੁਕੂਲ ਹੋ ਗਏ ਹਨ। ਅਧਿਕਾਰੀ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬਾਦਲ ਅਤੇ ਬਿਜਲੀ ਦੋਹਾਂ ਦੀ ਖੁਰਾਕ ਸਹਾਰਨਪੁਰ ਤੋਂ ਆਵੇਗੀ ਜਿਸ ਵਿਚ 9 ਕਿਲੋਮੀਟਰ ਸ਼ੇਰ ਵਾਸਤੇ ਅਤੇ 5 ਕਿਲੋਮੀਟਰ ਸ਼ੇਰਨੀ ਵਾਸਤੇ ਸਪੈਸ਼ਲ ਆਇਆ ਕਰੇਗਾ l ਇਸ ਮੌਕੇ ਬਲਵੀਰ ਸਿੰਘ, ਜਤਿੰਦਰ ਸਿੰਘ ਅਤੇ ਨਿਰਵੈਰ ਸਿੰਘ ਲਹੌਰੀਆ ਆਦਿ ਹਾਜ਼ਰ ਸਨl

 

 

 

WhatsApp
Facebook
Twitter

Advertisement's