ddsnews.in

LATEST NEWS
*ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿੱਚ ਐਫ.ਐਲ.ਐਨ ਮੇਲਾ, ਮਾਪੇ-ਅਧਿਆਪਕ ਮਿਲਣੀ ਤੇ ਗ੍ਰੈਜੂਏਸ਼ਨ ਸਮਾਰੋਹ ਧੂਮਧਾਮ ਨਾਲ ਆਯੋਜਿਤ*
WhatsApp
Facebook
Twitter

ਸਿਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਇੰਦੂ ਸਿਮਕ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਮਾਪੇ-ਅਧਿਆਪਕ ਮਿਲਣੀ, ਸਲਾਨਾ ਨਤੀਜਾ ਘੋਸ਼ਣਾ, ਐਫ.ਐਲ.ਐਨ ਮੇਲਾ ਅਤੇ ਗ੍ਰੈਜੂਏਸ਼ਨ ਸਮਾਰੋਹ ਬੜੇ ਉਤਸ਼ਾਹ ਅਤੇ ਸਫਲਤਾਪੂਰਵਕ ਢੰਗ ਨਾਲ ਕਰਵਾਇਆ ਗਿਆ। ਸਕੂਲ ਮੁਖੀ ਸ੍ਰੀ ਅਸ਼ਵਨੀ ਕੁਮਾਰ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਦੀ ਸਰਗਰਮ ਭਾਗੀਦਾਰੀ ਸਕੂਲ ਦੀ ਤਰੱਕੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਜ਼ਬੂਤ ਬੁਨਿਆਦ ਹੈ। ਇਸ ਮੌਕੇ ਸਕੂਲ ਵਿੱਚ ਮਾਪਿਆਂ ਅਤੇ ਪਿੰਡ ਵਾਸੀਆਂ ਦੀ ਰਿਕਾਰਡ ਤੋੜ ਹਾਜ਼ਰੀ ਰਹੀ, ਜਿਸ ਨਾਲ ਸਰਕਾਰੀ ਸਕੂਲ ਪ੍ਰਤੀ ਵਧਦੇ ਵਿਸ਼ਵਾਸ ਦੀ ਝਲਕ ਮਿਲੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਰਮਿੰਦਰ ਸਿੰਘ (ਫਿੱਟ ਲਾਈਫ ਹਰਬਲ, ਮਹਿਲ ਕਲਾਂ) , ਸਕੂਲ ਦੇ ਸਾਬਕਾ ਵਿਦਿਆਰਥੀ ਇੰਜੀਨੀਅਰ ਮਨਜੀਤ ਸਿੰਘ ਚੋਪੜਾ (ਐਡੀਸ਼ਨਲ ਐਸ.ਡੀ.ਓ), ਡਾ. ਚਰਨਜੀਤ ਸਿੰਘ (ਵੈਟਰਨਰੀ ਅਫ਼ਸਰ) ਅਤੇ ਹਰਕਮਲਜੀਤ ਸਿੰਘ (ਜੇਲ੍ਹ ਵਾਰਡਨ, ਪੰਜਾਬ ਪੁਲਿਸ) ਇਹਨਾਂ ਨੇ ਹਾਜ਼ਰੀ ਲਗਵਾ ਕੇ ਸਮਾਰੋਹ ਦੀ ਸ਼ੋਭਾ ਵਧਾਈ। ਸਟੇਜ ਸੈਕਟਰੀ ਗੁਰਦੀਪ ਸਿੰਘ ਨੇ ਸਮਾਰੋਹ ਨੂੰ ਸੁਚੱਜੇ ਢੰਗ ਨਾਲ ਚਲਾਉਂਦੇ ਹੋਏ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਪ੍ਰਾਇਮਰੀ ਕਲਾਸਾਂ ਤੱਕ ਦੇ ਨਤੀਜੇ ਘੋਸ਼ਿਤ ਕੀਤੇ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਐਫ.ਐਲ.ਐਨ. (ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ) ਮੇਲਾ ਬੜੇ ਹੀ ਰਚਨਾਤਮਕ ਅਤੇ ਰੌਚਕ ਢੰਗ ਨਾਲ ਲਗਾਇਆ ਗਿਆ। ਇਸ ਦਾ ਉਦੇਸ਼ ਬੱਚਿਆਂ ਵਿੱਚ ਪੜ੍ਹਨ-ਲਿਖਣ ਅਤੇ ਗਿਣਤੀ ਦੇ ਬੁਨਿਆਦੀ ਹੁਨਰਾਂ ਨੂੰ ਮਜ਼ਬੂਤ ਕਰਨਾ ਸੀ। ਮੇਲੇ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੀ ਸਿੱਖਣ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਮਾਡਲ, ਚਾਰਟ ਅਤੇ ਗਤੀਵਿਧੀਆਂ ਰਾਹੀਂ ਸਿੱਖਣ ਦੇ ਨਵੇਂ ਤਰੀਕੇ ਦਰਸਾਏ ਗਏ। ਨਾਲ ਹੀ ਆਈ.ਸੀ.ਟੀ. ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।ਵਿਸ਼ੇਸ਼ ਮਹਿਮਾਨ ਡਾ. ਪਰਮਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਯ ਵਿੱਚ ਚੁਣੇ ਗਏ ਵਿਦਿਆਰਥੀ ਕਰਨਵੀਰ ਸਿੰਘ ਅਤੇ ਸੁਖਦੀਪ ਕੌਰ, 200 ਮੀਟਰ ਦੌੜ ਵਿੱਚ ਪ੍ਰਤਿਭਾ ਦਿਖਾਉਣ ਵਾਲੀ ਪ੍ਰਭਜੋਤ ਕੌਰ ਅਤੇ ਹੋਰ ਮੁਕਾਬਲਿਆਂ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1100 ਰੁਪਏ ਪ੍ਰਤੀ ਵਿਦਿਆਰਥੀ ਸਕਾਲਰਸ਼ਿਪ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਵੱਲੋਂ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਲਈ 5100 ਰੁਪਏ ਦਾ ਯੋਗਦਾਨ ਵੀ ਦਿੱਤਾ ਗਿਆ। ਸਟੇਜ ਸੈਕਟਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਡਾ. ਪਰਮਿੰਦਰ ਸਿੰਘ ਵੀ ਇਸੇ ਸਕੂਲ ਦੇ ਪੁਰਾਤਨ ਵਿਦਿਆਰਥੀ ਰਹੇ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਰਾਣੂ, ਅਰਮਿੰਦਰ ਸਿੰਘ (ਸੀ.ਐਚ.ਟੀ.), ਅਧਿਆਪਕ ਜਗਸੀਰ ਸਿੰਘ, ਚਮਕੌਰ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਆਂਗਣਵਾੜੀ ਵਰਕਰ, ਹੈਲਪਰ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਅੰਤ ਵਿੱਚ, ਇਹ ਸਮਾਰੋਹ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਸਹਿਯੋਗ, ਪ੍ਰੇਰਣਾ ਅਤੇ ਵਿਸ਼ਵਾਸ ਦਾ ਮਜ਼ਬੂਤ ਸੰਦੇਸ਼ ਦੇਣ ਵਿੱਚ ਸਫਲ ਰਿਹਾ।

WhatsApp
Facebook
Twitter

Advertisement's